ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜਲੰਧਰ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਰਜਿਸਟ੍ਰੇਸ਼ਨ 30 ਅਗਸਤ ਤੱਕ ਵਧੀ ਆਨ-ਲਾਈਨ ਤੇ ਆਫ਼ਲਾਈਨ ਦੋਵੇਂ ਢੰਗ ਨਾਲ ਕੀਤੀ ਜਾ ਸਕਦੀ ਹੈ ਰਜਿਸਟ੍ਰੇਸ਼ਨ : ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਨੇ ਐਮ.ਬੀ.ਐਸ.ਪੀ. ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਹੋਣ ਵਾਲੇ ਖੇਡ ਪ੍ਰੋਗਰਾਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ ਜਲੰਧਰ (ਜੇ ਪੀ ਬੀ ਨਿਊਜ਼ 24 ) : ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ 29 ਅਗਸਤ ਤੋਂ ਸ਼ੁਰੂ ਹੋਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਅਗਸਤ ਤੱਕ ਵਧਾ ਦਿੱਤੀ ਗਈ ਹੈ, ਜੋ ਕਿ ਪਹਿਲਾਂ 25 ਅਗਸਤ ਸੀ। ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਸਕੱਤਰ ਵੀ.ਕੇ. ਜੰਜੂਆ ਦੀ ਪ੍ਰਧਾਨਗੀ ਵਿੱਚ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਥਾਂ-ਥਾਂ ‘ਤੇ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਗਈ ਵੀਡੀਓ ਕਾਨਫਰੰਸ ਦੌਰਾਨ ਲਿਆ ਗਿਆ। ਮੁੱਖ ਸਕੱਤਰ ਨੂੰ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਜ਼ਿਲ੍ਹੇ ਦੇ ਖਿਡਾਰੀਆਂ ਦੀਆਂ ਟੁੱਕੜੀਆਂ ਵੱਲੋਂ ਮਾਰਚ ਪਾਸਟ ਕਰਦਿਆਂ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲਿਆ ਜਾਵੇਗਾ ਅਤੇ ਸਕੂਲ ਤੇ ਕਾਲਜਾਂ ਦੇ ਵਿਦਿਆਰਥੀ ਸਟੇਡੀਅਮ ਵਿੱਚ ਹੋਣ ਵਾਲੀਆਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਮਸ਼ਾਲ-ਰਿਲੇਅ ਨਾਲ ਮੈਗਾ ਖੇਡ ਸਮਾਰੋਹ ਦਾ ਆਗਾਜ਼ ਹੋਵੇਗਾ, ਜੋ ਕਿ ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਕੀਤੀ ਜਾਣੀ ਹੈ ਅਤੇ ਪੰਜਾਬ ਭਰ ਵਿੱਚ ਦੋ ਮਹੀਨੇ ਖੇਡ ਗਤੀਵਿਧੀਆਂ ਤੋਂ ਬਾਅਦ ਸਮਾਪਤ ਹੋਵੇਗੀ।ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫਟੀਨੈਂਟ ਜਨਰਲ ਜੇ.ਐਸ. ਚੀਮਾ ਦੇ ਨਾਲ ਖੇਡ ਮੁਕਾਬਲਿਆਂ ਦੀਆਂ ਚੱਲ ਰਹੀਆਂ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਖੇਡ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਕਰਵਾਇਆ ਜਾ ਸਕੇ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ 1 ਸਤੰਬਰ ਤੋਂ ਬਲਾਕ ਪੱਧਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਖੇਡਾਂ ਵਿੱਚ ਆਪਣੀ ਖੇਡ ਸਮਰੱਥਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਸਕਦੇ ਹਨ। ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਨੌਜਵਾਨ ‘ਖੇਡਾਂ ਵਤਨ ਪੰਜਾਬ ਦੀਆਂ’ ਲਈ ਵਿਸ਼ੇਸ਼ ਪੋਰਟਲ www.punjabkhedmela2022.in ‘ਤੇ ਰਜਿਸਟਰ ਕਰ ਸਕਦੇ ਹਨ ਜਾਂ ਜੇਕਰ ਉਹ ਆਫਲਾਈਨ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦੇ ਹਨ ਤਾਂ ਜ਼ਿਲ੍ਹਾ ਖੇਡ ਦਫ਼ਤਰ ਵਿੱਚ ਪਹੁੰਚ ਕਰ ਸਕਦੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-40, 41-50 ਅਤੇ 50 ਸਾਲ ਤੋਂ ਵੱਧ ਉਮਰ ਵਰਗ ਦੇ ਵਿਅਕਤੀ ਹਿੱਸਾ ਲੈ ਸਕਦੇ ਹਨ। ਬਲਾਕ ਪੱਧਰੀ ਮੁਕਾਬਲੇ : ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਬਲਾਕ ਪੱਧਰੀ ਮੁਕਾਬਲੇ ਰੁੜਕਾ ਕਲਾਂ, ਆਦਮਪੁਰ, ਮਹਿਤਪੁਰ, ਫਿਲੌਰ, ਭੋਗਪੁਰ, ਲੋਹੀਆਂ, ਨਕੋਦਰ, ਜਲੰਧਰ ਪੂਰਬੀ, ਸ਼ਾਹਕੋਟ, ਜਲੰਧਰ ਪੱਛਮੀ ਅਤੇ ਨੂਰਮਹਿਲ ਵਿਖੇ ਕਰਵਾਏ ਜਾਣਗੇ, ਜਿੱਥੇ ਖੋ-ਖੋ, ਫੁੱਟਬਾਲ, ਅਥਲੈਟਿਕਸ, ਵਾਲੀਬਾਲ, ਕਬੱਡੀ ਅਤੇ ਰੱਸਾਕਸ਼ੀ ਸਮੇਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਸ਼ਡਿਊਲ ਅਨੁਸਾਰ ਬਲਾਕ ਪੱਧਰੀ ਟੂਰਨਾਮੈਂਟ 1 ਤੋਂ 7 ਸਤੰਬਰ ਤੱਕ ਕਰਵਾਏ ਜਾਣਗੇ, ਜਿਸ ਵਿੱਚ ਵਾਲੀਬਾਲ, ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ ਅਤੇ ਰੱਸਾਕਸ਼ੀ ਦੇ ਮੁਕਾਬਲੇ ਹੋਣਗੇ ਜਦਕਿ 12 ਤੋਂ 22 ਸਤੰਬਰ ਤੱਕ ਹੋਣ ਵਾਲੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਅਥਲੈਟਿਕਸ, ਫੁੱਟਬਾਲ, ਕਬੱਡੀ, ਖੋ-ਖੋ, ਵਾਲੀਬਾਲ, ਹੈਂਡਬਾਲ, ਸਾਫਟਬਾਲ, ਜੂਡੋ, ਰੋਲਰ ਸਕੇਟਿੰਗ, ਗੱਤਕਾ, ਕਿੱਕ ਬਾਕਸਿੰਗ, ਹਾਕੀ, ਨੈੱਟਬਾਲ, ਬੈਡਮਿੰਟਨ, ਬਾਸਕਟਬਾਲ, ਪਾਵਰ ਲਿਫਟਿੰਗ, ਲਾਅਨ ਟੈਨਿਸ, ਕੁਸ਼ਤੀ, ਤੈਰਾਕੀ, ਬਾਕਸਿੰਗ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 10 ਤੋਂ 21 ਅਕਤੂਬਰ ਤੱਕ ਹੋਣ ਵਾਲੇ ਰਾਜ ਪੱਧਰੀ ਟੂਰਨਾਮੈਂਟਾਂ ਵਿੱਚ ਸਾਰੀਆਂ ਜ਼ਿਲ੍ਹਾ ਪੱਧਰੀ ਖੇਡਾਂ ਤੋਂ ਇਲਾਵਾ ਕਿੱਕ ਬਾਕਸਿੰਗ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਸ਼ਤਰੰਜ, ਰੋਇੰਗ, ਜਿਮਨਾਸਟਿਕ, ਤਲਵਾਰਬਾਜ਼ੀ ਅਤੇ ਪਾਵਰ ਲਿਫਟਿੰਗ ਸ਼ਾਮਲ ਹਨ। ਕੈਪਸ਼ਨ : ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੁੱਖ ਸਕੱਤਰ ਵੀ.ਕੇ. ਜੰਜੂਆ ਦੀ ਪ੍ਰਧਾਨਗੀ ਹੇਠ ਹੋਈ ਵੀਡੀਓ ਕਾਨਫਰੰਸ ਵਿੱਚ ਭਾਗ ਲੈਂਦੇ ਹੋਏ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 29 ਅਗਸਤ ਤੋਂ ਜਲੰਧਰ ਤੋਂ ਸ਼ੁਰੂ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।