ਮੁੱਖ ਮੰਤਰੀ ਮਾਨ ਦਾ ਪੁਤਲਾ ਫੂਕਣ ਦੌਰਾਨ ਅੱਗ ਦੀ ਲਪੇਟ ‘ਚ ਆਉਣ ਕਾਰਨ ਇਕ ਸਾਬਕਾ ਫ਼ੌਜੀ ਝੁਲਸਿਆ, ਵੱਡਾ ਹਾਦਸਾ ਟਲਿਆ
ਮੁੱਖ ਮੰਤਰੀ ਮਾਨ ਦਾ ਪੁਤਲਾ ਫੂਕਣ ਦੌਰਾਨ ਅੱਗ ਦੀ ਲਪੇਟ ‘ਚ ਆਉਣ ਕਾਰਨ ਇਕ ਸਾਬਕਾ ਫ਼ੌਜੀ ਝੁਲਸਿਆ, ਵੱਡਾ ਹਾਦਸਾ ਟਲਿਆ ਲੁਧਿਆਣਾ (जे पी बी न्यूज़ 24) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਧਰਨਾ ਦੇਣ ਆਏ ਸਾਬਕਾ ਫ਼ੌਜੀਆਂ ਦੇ ਪ੍ਰਦਰਸ਼ਨ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਦੌਰਾਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਨੂੰ ਅੱਗ ਲਾਉਣ ਲਈ ਉਸ ‘ਤੇ ਪੈਟਰੋਲ ਪਾਇਆ ਗਿਆ ਤਾਂ ਇਕ ਸਾਬਕਾ ਫੌਜੀ ਅੱਗ ਦੀ ਲਪੇਟ ‘ਚ ਆ ਗਿਆ। ਮੌਕੇ ‘ਤੇ ਮੌਜੂਦ ਉਸਦੇ ਸਾਥੀਆਂ ਨੇ ਤੁਰੰਤ ਅੱਗ ਬੁਝਾ ਦਿੱਤੀ, ਜਿਸ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਸਾਬਕਾ ਸੈਨਿਕ ਇੱਥੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਪੁੱਜੇ ਸਨ। ਜਾਣਕਾਰੀ ਦਿੰਦਿਆਂ ਰਿਟਾਇਰਡ ਕਰਨਲ ਐਚ.ਐਸ.ਕਾਹਲੋਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਜੀਓਜੀ ਗਾਰਡੀਅਨ ਆਫ਼ ਗਵਰਨੈਂਸ ਸਕੀਮ ਚਲਾਈ ਗਈ ਸੀ, ਜਿਸ ਵਿੱਚ ਸਾਬਕਾ ਸੈਨਿਕਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ। ਸਾਬਕਾ ਸੈਨਿਕ ਲੋਕਾਂ ਦੀ ਮਦਦ ਕਰਨ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਬਾਰੇ ਵੀ ਸਰਕਾਰ ਨੂੰ ਦੱਸਦੇ ਸਨ। ਇਸ ‘ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਤਰਾਜ਼ਯੋਗ ਸ਼ਬਦ ਬੋਲ ਕੇ ਨਾ ਸਿਰਫ ਜੀਓਜੀ ਨਾਲ ਗਲਤ ਕੀਤਾ ਗਿਆ ਹੈ ਸਗੋਂ ਸਾਬਕਾ ਫੌਜੀਆਂ ਦਾ ਅਪਮਾਨ ਵੀ ਕੀਤਾ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।