ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨਾਰੀ ਨਿਕੇਤਨ, ਜਲੰਧਰ ਦਾ ਕੀਤਾ ਦੌਰਾ, ਸਕੂਲ ਦੇ ਬੱਚਿਆਂ ਲਈ 9 ਸੀਟਾਂ ਵਾਲੀ ਵੈਨ ਕੀਤੀ ਭੇਟ
25 ਫਰਵਰੀ, ਜਲੰਧਰ – ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸ ਪੀ ਸਿੰਘ ਓਬਰਾਏ ਤੇ ਉਨ੍ਹਾਂ ਦੀ ਟੀਮ ਵੱਲੋਂ ਨਾਰੀ ਨਿਕੇਤਨ, ਜਲੰਧਰ ਦਾ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਲਈ 9 ਸੀਟਾਂ ਵਾਲੀ ਵੈਨ ਟਰੱਸਟ ਨੂੰ ਭੇਟ ਕੀਤੀ। ਇਸ ਮੌਕੇ ਤੇ ਸ. ਸਤਨਾਮ ਸਿੰਘ ਮਾਣਕ, ਮੈਡਮ ਨਵੇਦਿਤਾ ਜੋਸ਼ੀ, ਸ. ਅਮਰਜੋਤ ਸਿੰਘ, ਸ. ਜਤਿੰਦਰ ਸਿੰਘ ਵਾਲੀਆ, ਮੈਡਮ ਗੁਰਜੋਤ ਕੌਰ ਆਦਿ ਅਨੇਕ ਪਤਵੰਤੇ ਸਾਥੀ ਮੌਜੂਦ ਸਨ। ਇਸ ਮੌਕੇ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਡਾ. ਐਸ ਪੀ ਸਿੰਘ ਓਬਰਾਏ ਨੇ ਕਿਹਾ ਕਿ ਉਹ ਪਿਛਲੀ ਵਾਰ ਜਦੋਂ ਇੱਥੇ ਆਏ ਸਨ ਤਾਂ ਇਥੋਂ ਦੇ ਅਨਾਥ ਅਤੇ ਬੇਸਹਾਰਾ ਬੱਚਿਆਂ ਨਾਲ ਸਮਾਂ ਬਿਤਾ ਕੇ ਓਹਨਾਂ ਨੂੰ ਬਹੁਤ ਚੰਗਾ ਲੱਗਾ ਸੀ, ਓਹਨਾਂ ਆਪ ਬੱਚਿਆਂ ਨਾਲ ਭੰਗੜਾ ਵੀ ਪਾਇਆ ਸੀ। ਉਸ ਵੇਲੇ ਉਨ੍ਹਾਂ ਮਹਿਸੂਸ ਕੀਤਾ ਕਿ ਇਸ ਸਕੂਲ ਵਿਚ ਜ਼ਿਆਦਾ ਤਰ ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ। ਜਿਨ੍ਹਾਂ ਨੂੰ ਆਣ ਜਾਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਜੋ ਉਨ੍ਹਾਂ ਕੋਲ ਆਵਾਜਾਈ ਦਾ ਕੋਈ ਸਾਧਨ ਨਹੀਂ ਹੈ। ਓਹਨਾਂ ਇਸ ਸਮੱਸਿਆ ਦਾ ਹੱਲ ਕਰਨ ਦਾ ਫੈਸਲਾ ਕੀਤਾ ਅਤੇ ਇਸੇ ਤਹਿਤ ਅੱਜ ਉਨ੍ਹਾਂ ਨੇ ਇਕ ਸ਼ਾਨਦਾਰ ਸਕੂਲ ਵੈਨ ਦੀ ਚਾਬੀ ਟਰੱਸਟ ਨੂੰ ਭੇਟ ਕੀਤੀ। ਡਾ. ਐਸਪੀ ਸਿੰਘ ਓਬਰਾਏ ਨੇ ਅੱਗੇ ਕਿਹਾ ਕਿ ਅੱਜ ਵੀ ਜਦੋਂ ਉਹ ਸਕੂਲ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਸਕੂਲ ਦੇ ਬੱਚਿਆਂ ਕੋਲ ਖੇਡਣ ਲਈ ਕੁਝ ਨਹੀਂ ਹੈ ਸੋ, ਹੁਣ ਉਹ ਅਗਲੀ ਵਾਰ ਸਕੂਲ ਦੇ ਬੱਚਿਆਂ ਲਈ 8-9 ਗੇਮਾਂ ਵਾਲਾ ਇਕ ਪਲੈਸਟੇਸ਼ਨ ਵੀ ਤੋਹਫ਼ੇ ਵਜੋਂ ਦੇਣਗੇ। ਅਗਲੇ ਪੜਾਅ ਵੱਲ ਵੱਧਦੇ ਡਾ. ਐੱਸ ਪੀ ਸਿੰਘ ਓਬਰਾਏ ਤੇ ਉਨ੍ਹਾਂ ਦੀ ਟੀਮ ਅੰਬੇਦਕਰ ਭਵਨ, ਪਿੰਡ ਖਾਂਬੜਾ ਵਿਖੇ ਪਹੁੰਚੇ ਜਿੱਥੇ ਓਹਨਾਂ ਬਾਬਾ ਜੀਵਨ ਸਿੰਘ ਗੁਰੂਦਵਾਰਾ ਜਲੰਧਰ ਵਿੱਚ ਚਲਾਏ ਜਾ ਰਹੇ ਸਿਲਾਈ ਤੇ ਕੰਪਿਊਟਰ ਸੈਂਟਰ ਵਿੱਚ ਸਿਖਲਾਈ ਹਾਸਿਲ ਕੀਤੇ ਵਿਦਿਆਰਥੀਆਂ ਅਤੇ ਇਸੇ ਤਰਾਂ ਖਾਂਬੜਾਂ ਵਿਖੇ ਚਲਾਏ ਜਾ ਰਹੇ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਮੁੱਖ ਮਹਿਮਾਨ ਡਾ. ਇਕਬਾਲ ਸਿੰਘ (ਸਾਬਕਾ ਗਵਰਨਰ) ਤੇ ਉਨ੍ਹਾਂ ਨਾਲ ਸ. ਸਤਨਾਮ ਸਿੰਘ ਮਾਣਕ (ਪ੍ਰਧਾਨ, ਪੰਜਾਬ ਪ੍ਰੈਸ ਕਲੱਬ), ਸ. ਅਮਰਜੋਤ ਸਿੰਘ, ਸ. ਆਤਮ ਪ੍ਰਕਾਸ਼ ਸਿੰਘ ਆਦਿ ਦੇ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ। ਇਸ ਮੌਕੇ ਵਿਦਿਆਰਥੀਆਂ ਦਾ ਭਰਵਾਂ ਉਤਸਾਹ ਵੇਖਿਆਂ ਹੀ ਬਣਦਾ ਸੀ।