ਜਲੰਧਰ, 5 ਫਰਵਰੀ, ਜਤਿਨ ਬੱਬਰ : ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੂਜਾ ਮਹੰਤ ਵਾਸੀ ਗਲੀ ਨੰਬਰ 12, ਰਾਜਨ ਨਗਰ, ਬਸਤੀ ਬਾਵਾ ਖੇਲ, ਜਲੰਧਰ ਦੇ ਬਿਆਨਾਂ ‘ਤੇ ਥਾਣਾ ਬਸਤੀ ਬਾਵਾ ਖੇਲ, ਜਲੰਧਰ ਵਿਖੇ ਮੁਕੱਦਮਾ ਨੰਬਰ 19 ਮਿਤੀ 01.02.2025 ਅਧੀਨ 304(2),3(5) ਬੀ.ਐਨ.ਐਸ. ਤਹਿਤ ਦਰਜ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਘਰ ਦੇ ਬਾਹਰੋਂ ਤਿੰਨ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਉਸ ਦਾ ਪਰਸ ਖੋਹ ਲਿਆ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀ ਦੀ ਪਹਿਚਾਣ ਜਸਪ੍ਰੀਤ ਸਿੰਘ ਉਰਫ ਜੱਸੀ ਪੁੱਤਰ ਇੰਦਰਜੀਤ ਸਿੰਘ ਵਾਸੀ ਮੁਹੱਲਾ ਨੰ. 31/56 ਗੁਰੂ ਅਰਜਨ ਨਗਰ ਬਸਤੀ ਮਿੱਠੂ ਜਲੰਧਰ, ਅਤੇ ਸੂਰਜ ਪੁੱਤਰ ਲਖਵੀਰ ਸਿੰਘ ਵਾਸੀ ਮੁਹੱਲਾ ਨੰ. 939 ਗੁਰੂ ਅਰਜਨ ਨਗਰ ਬਸਤੀ ਮਿੱਠੂ ਜਲੰਧਰ ਵਜੋਂ ਕੀਤੀ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਨੁੱਖੀ ਖੁਫੀਆ ਜਾਣਕਾਰੀ ਅਤੇ ਤਕਨੀਕੀ ਸਹਾਇਤਾ ਦੇ ਅਧਾਰ ‘ਤੇ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਮੋਟਰਸਾਈਕਲ, ਇੱਕ ਰੈੱਡਮੀ ਮੋਬਾਈਲ ਫ਼ੋਨ, ਇੱਕ ਜੋੜੀ ਸੋਨੇ ਦੀਆਂ ਵਾਲੀਆਂ, ਨਕਲੀ ਚੂੜੀਆਂ, ਚਾਂਦੀ ਦੀਆਂ ਮੁੰਦਰੀਆਂ ਅਤੇ ਬਿਛੂਆ ਬਰਾਮਦ ਕੀਤਾ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੈ ਤਾਂ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।