ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ, ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ
Bhagwant Mann arrives at Sidhu Musewala's house, assures justice to family
ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸ਼ੁੱਕਰਵਾਰ ਸਵੇਰੇ ਪੰਜਾਬੀ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਜਿੱਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ ਅਤੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ।
ਸ੍ਰੀ ਭਗਵੰਤ ਮਾਨ ਲਗਪਗ ਇਕ ਘੰਟਾ ਪਰਿਵਾਰ ਦੇ ਨਾਲ ਰਹੇ ਅਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਕਲਾ ਦੇ ਸਦਕੇ ਕੇਵਲ ਮਾਨਸਾ ਅਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਨਾਂਅ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਉਸ ਦੇ ਭਰ ਜਵਾਨੀ ਵਿੱਚ ਚਲੇ ਜਾਣ ਦਾ ਭਾਰੀ ਦੁੱਖ ਹੈ। ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੇ ਮਾਪਿਆਂਦੀ ਇਕਲੌਤੀ ਔਲਾਦ ਸੀ।
ਪਰਿਵਾਰ ਨੇ ਮੁੱਖ ਮੰਤਰੀ ਸਾਹਮਣੇ ਇਹ ਮੰਗ ਰੱਖੀ ਕਿ ਉਹ ਆਪਣੇ ਪੁੱਤਰ ਦੇ ਕਤਲ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕਤਲ ਦੇ ਦੋਸ਼ੀਆਂ ਨੂੰ ਫ਼ੜਿਆ ਜਾਵੇਗਾ ਅਤੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ, ਇਨਸਾਫ਼ ਹਰ ਹਾਲ ਕੀਤਾ ਜਾਵੇਗਾ। ਮੁੱਖ ਮੰਤਰੀ ਦੀ ਆਮਦ ਮੌਕੇ ਪਿੰਡ ਵਿੱਚ ਭਾਰੀ ਸੁਰੱਖ਼ਿਆ ਪ੍ਰਬੰਧ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਇਸ ਸਨਸਨੀਖੇਜ਼ ਕਤਲਕਾਂਡ ਦੇ ਸੰਬੰਧ ਵਿੱਚ ਲਗਾਤਾਰ ਨਵੀਂਆਂ ‘ਲੀਡਜ਼’ ਮਿਲ ਰਹੀਆਂ ਹਨ ਜਿਨ੍ਹਾਂ ’ਤੇ ਪੁਲਿਸ ਕੰਮ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਵਿੱਚ ਹੋਰ ਤੇਜ਼ੀ ਲਿਆਉਣ ਲਈ ਡੀ.ਜੀ.ਪੀ. ਸ੍ਰੀ ਵੀ.ਕੇ. ਭਾਵਰਾ ਨੇ ਇਸ ਦੀ ਜਾਂਚ ਲਈ ਬਣਾਈ ਐਸ.ਆਈ.ਟੀ. ਨੂੰ ਹੋਰ ਮਜ਼ਬੂਤ ਕਰਨ ਲਈ ਇਸ ਦਾ ਪੁਨਰਗਠਨ ਵੀ ਕੀਤਾ ਹੈ।
ਯਾਦ ਰਹ ਕਿ ਬੀਤੇ ਕਲ੍ਹ ਪੰਜਾਬ ਦੇ 2 ਕੈਬਨਿਟ ਮੰਤਰੀ ਸ: ਹਰਪਾਲ ਸਿੰਘ ਚੀਮਾ ਅਤੇ ਸ:ਕੁਲਦੀਪ ਸਿੰਘ ਧਾਲੀਵਲ ਮੂਸਾ ਪਿੰਡ ਪੁੱਜੇ ਸਨ ਅਤੇ ਉਨ੍ਹਾਂ ਨੇ ਪਰਿਵਾਰ ਲਾਲ ਦੁੱਖ ਵੰਡਾਇਆ ਸੀ।