ਜਲੰਧਰ, 3 ਨਵੰਬਰ, ਜਤਿਨ ਬੱਬਰ – ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਪ੍ਰਭਾਵਸ਼ਾਲੀ ਪੁਲਿਸਿੰਗ ਲਈ ਇੱਕ ਨਵਾਂ ਮਾਪਦੰਡ ਸਥਾਪਤ ਕਰਦਿਆਂ ਖਿੰਗਰਾ ਗੇਟ ਗੋਲੀ ਕਾਂਡ ਦੇ ਮੁੱਖ ਦੋਸ਼ੀ ਨੂੰ ਜੁਰਮ ਦੇ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਝਗੜੇ ਕਾਰਨ ਸ਼ਨੀਵਾਰ ਰਾਤ 8:15 ਵਜੇ ਖਿੰਗਰਾ ਗੇਟ ਇਲਾਕੇ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਿਸ਼ਭ ਬਾਦਸ਼ਾਹ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਈਸ਼ੂ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਥਾਣਾ ਡਵੀਜ਼ਨ 3 ਜਲੰਧਰ ਵਿਖੇ ਮੁਕੱਦਮਾ ਨੰਬਰ 122 ਮਿਤੀ 03.11.2024 ਅਧੀਨ 103(1),109,190,191(3), 25/27-54-59 ਅਸਲਾ ਐਕਟ ਬੀ.ਐਨ.ਐਸ. ਦਰਜ ਕੀਤਾ ਗਿਆ ਸੀ ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਸਾਹਿਲ ਕਪੂਰ ਉਰਫ ਮੰਨੂ ਕਪੂਰ ਢਿੱਲੂ ਪੁੱਤਰ ਰਾਕੇਸ਼ ਕਪੂਰ ਈ.ਡੀ.-74 ਖਿੰਗਰਾ ਗੇਟ ਜਲੰਧਰ, ਸਾਜਨ ਸਹੋਤਾ ਵਾਸੀ ਕਿਸ਼ਨਪੁਰਾ ਜਲੰਧਰ, ਮਾਨਵ ਵਾਸੀ ਭਾਈ ਦਿੱਤ ਸਿੰਘ ਨਗਰ ਜਲੰਧਰ, ਨੰਨੂ ਕਪੂਰ ਪੁੱਤਰ ਰਾਕੇਸ਼ ਕਪੂਰ ਵਾਸੀ ਐੱਮ. ED-74 ਖਿੰਗਰਾ ਗੇਟ ਜਲੰਧਰ, ਡਾਕਟਰ ਕੋਹਲੀ ਵਾਸੀ ਖਿੰਗੜਾ ਗੇਟ ਜਲੰਧਰ, ਚਕਸ਼ਤ ਰੰਧਾਵਾ ਵਾਸੀ ਜਲੰਧਰ, ਗੱਗੀ ਵਾਸੀ ਜਲੰਧਰ, ਕਾਕਾ ਚਾਚਾ ਵਾਸੀ ਜਲੰਧਰ ਅਤੇ ਕੁਝ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਦੋਸ਼ੀ ਸਾਹਿਲ ਕਪੂਰ ਉਰਫ ਮੰਨੂ ਕਪੂਰ ਢਿੱਲੂ ਨੂੰ ਇਕ ਦੇਸੀ ਪਿਸਤੌਲ ਅਤੇ ਦੋ ਖਾਲੀ ਖੋਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੋਸ਼ੀ ਖਿਲਾਫ ਪਹਿਲਾਂ ਹੀ ਪੰਜ ਅਪਰਾਧਿਕ ਮਾਮਲੇ ਵਿਚਾਰ ਅਧੀਨ ਹਨ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਫੜਨ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
Big success in khingra gate firing case, Commissionerate police arrested the main accused within a few hours