JPB NEWS 24

Headlines
Commissionerate police reiterates commitment to eradicate drugs from the city

ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ’ਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਵਚਨਬੱਧਤਾ ਦੁਹਰਾਈ

ਜਲੰਧਰ, 21 ਮਾਰਚ,ਜਤਿਨ ਬੱਬਰ: ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਗੈਰ-ਕਾਨੂੰਨੀ ਕਬਜ਼ਿਆਂ ਖਿਲਾਫ਼ ਚੱਲ ਰਹੀ ਕਾਰਵਾਈ ਤਹਿਤ ਨਗਰ ਨਿਗਮ ਜਲੰਧਰ ਵੱਲੋਂ ਕਮਿਸ਼ਨਰੇਟ ਪੁਲਿਸ ਜਲੰਧਰ ਨਾਲ ਮਿਲ ਕੇ ਸ਼ੁੱਕਰਵਾਰ ਨੂੰ ਤਿੰਨ ਨਸ਼ਾ ਤਸਕਰਾਂ ਨਾਲ ਸਬੰਧਤ ਇੱਕ ਦੋ ਮੰਜ਼ਿਲਾ ਜਾਇਦਾਦ ਨੂੰ ਢਾਹ ਦਿੱਤਾ ਗਿਆ, ਜੋ ਕਿ ਕਬਜ਼ੇ ਦੇ ਚੱਲਦਿਆਂ ਬਣਾਈ ਜਾ ਰਹੀ ਸੀ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं


‘ਯੁੱਧ ਨਸ਼ਿਆਂ ਵਿਰੁਧ’ ਤਹਿਤ ਗੈਰ-ਕਾਨੂੰਨੀ ਕਬਜ਼ਿਆਂ ਨੂੰ ਢਾਹੁਣ ਦੀ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਕਥਿਤ ਤੌਰ ’ਤੇ ਡਰੱਗ ਮਨੀ ਨਾਲ ਸਰਕਾਰੀ ਜ਼ਮੀਨ ‘ਤੇ ਉਸਾਰੇ ਕਬਜ਼ੇ ਵਾਲੇ ਢਾਂਚੇ ਨੂੰ ਭਾਰਗਵ ਕੈਂਪ ਇਲਾਕੇ ਵਿੱਚ ਢਾਹਿਆ ਗਿਆ ਹੈ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਮੈਡਮ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੂੰ ਬਦਨਾਮ ਨਸ਼ਾ ਤਸਕਰਾਂ ਵਰਿੰਦਰ ਉਰਫ਼ ਮੌਲਾ, ਜਤਿੰਦਰ ਉਰਫ਼ ਜਿੰਦਰ ਅਤੇ ਰੋਹਿਤ ਕੁਮਾਰ ਉਰਫ਼ ਕਾਕਾ ਤਿੰਨੇ ਭਰਾਵਾਂ ਵੱਲੋਂ ਸਰਕਾਰੀ ਜ਼ਮੀਨ ’ਤੇ ਗੈਰ ਕਾਨੂੰਨੀ ਉਸਾਰੀ ਬਾਰੇ ਜਾਣਕਾਰੀ ਮਿਲੀ ਸੀ। ਇਹ ਤਿੰਨੇ ਭਰਾ ਮੌਜੂਦਾ ਸਮੇਂ ਜੇਲ ਵਿੱਚ ਬੰਦ ਹਨ।

ਉਨ੍ਹਾਂ ਕਿਹਾ ਕਿ ਇਹ ਜਾਇਦਾਦ ਕਥਿਤ ਤੌਰ ’ਤੇ ਨਸ਼ਿਆਂ ਦੇ ਨਾਜਾਇਜ਼ ਧੰਦੇ ਤੋਂ ਪ੍ਰਾਪਤ ਪੈਸੇ ਤੋਂ ਬਣਾਈ ਗਈ ਸੀ। ਨਗਰ ਨਿਗਮ ਅਤੇ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਕਬਜ਼ੇ ਵਾਲੇ ਢਾਂਚੇ ਨੂੰ ਢਾਹ ਦਿੱਤਾ, ਜਿਸ ਨਾਲ ਇੱਕ ਸਖ਼ਤ ਸੰਦੇਸ਼ ਗਿਆ ਹੈ ਕਿ ਜਲੰਧਰ ਸ਼ਹਿਰ ਵਿੱਚ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


ਉਨ੍ਹਾਂ ਅੱਗੇ ਦੱਸਿਆ ਕਿ ਕਿਹਾ ਕਿ ਮੁਲਜ਼ਮ ਆਦਤਨ ਅਪਰਾਧੀ ਹਨ, ਜਿਨ੍ਹਾਂ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੇਂਸਿਸ (ਐਨ.ਡੀ.ਪੀ.ਐਸ.) ਐਕਟ, ਐਕਸਾਈਜ਼ ਐਕਟ ਅਤੇ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੁੱਲ 15 ਮਾਮਲੇ ਦਰਜ ਹਨ। ਇਹ ਕਾਰਵਾਈ ਨਸ਼ਾ ਤਸਕਰਾਂ ਦੇ ਵਿੱਤੀ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਣ ਕਦਮ ਹੈ। ਉਨ੍ਹਾਂ ਦੱਸਿਆ ਕਿ ਵਰਿੰਦਰ ਵਿਰੁੱਧ 7 ਮਾਮਲੇ ਦਰਜ ਹਨ, ਜਦਕਿ ਰੋਹਿਤ ਅਤੇ ਜਤਿੰਦਰ ਖਿਲਾਫ਼ ਕ੍ਰਮਵਾਰ 6 ਅਤੇ 2 ਮਾਮਲੇ ਦਰਜ ਹਨ।


‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਲਗਾਤਾਰ ਤੇਜ਼ੀ ਫੜਦੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਨਸ਼ਿਆਂ ਨਾਲ ਸਬੰਧਤ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਫਿਲੌਰ ਖੇਤਰ ਅਤੇ ਧੰਕੀਆ ਮੁਹੱਲਾ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਗੈਰ-ਕਾਨੂੰਨੀ ਢਾਂਚਿਆਂ ਨੂੰ ਢਾਹੁਣਾ ਸ਼ਾਮਲ ਹੈ।


ਕਮਿਸ਼ਨਰੇਟ ਪੁਲਿਸ ਨੇ ਸਮਾਜ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦੀ ਆਪਣੀ ਵਚਨਬੱਧਤਾ ਦਹੁਰਾਉਂਦਿਆਂ ਨਾਗਰਿਕਾਂ ਨੂੰ ਜਲੰਧਰ ਨੂੰ ਨਸ਼ਾ ਮੁਕਤ ਬਣਾਉਣ ਦੇ ਯਤਨਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।