ਜਲੰਧਰ, ਜਤਿਨ ਬੱਬਰ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ ਨੂੰ ਮੁੜ ਉਮੀਦਵਾਰ ਬਣਾਇਆ ਹੈ।
ਪਰ ਪੰਜਾਬ ਦੀ ਸੱਤਾ ‘ਤੇ ਕਾਬਜ਼ ਆਮ ਆਦਮੀ ਪਾਰਟੀ ਨੂੰ ਇਸ ਵਾਰ ਜਲੰਧਰ ‘ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸ਼ਹਿਰ ਵਿੱਚ ਥਾਂ-ਥਾਂ ਫੈਲਿਆ ਕੂੜਾ ਹੈ।
ਨਗਰ ਨਿਗਮ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ ਤੋਂ ਕੂੜਾ ਇਕੱਠਾ ਨਹੀਂ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਵਿੱਚ ਮਹਾਂਮਾਰੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਹਰ ਪਾਸੇ ਬਦਬੂ ਅਤੇ ਗੰਦਗੀ ਫੈਲੀ ਹੋਈ ਹੈ।
‘ਆਪ’ ਸਰਕਾਰ ਭਾਵੇਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲੱਖ ਦਾਅਵੇ ਕਰਦੀ ਹੈ ਪਰ ਇਸ ਵੇਲੇ ਜਲੰਧਰ ਦੇ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਹਨ। ‘ਆਪ’ ਉਮੀਦਵਾਰ ਨੂੰ ਇਸ ਦਾ ਨਤੀਜਾ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ।
ਸੜਕਾਂ ‘ਤੇ ਇਕੱਠਾ ਹੋਇਆ ਕੂੜਾ ਜਦੋਂ ਨਹੀਂ ਚੁੱਕਿਆ ਜਾਂਦਾ ਤਾਂ ਇਹ ਨਾਲੀਆਂ ‘ਚ ਵਹਿ ਜਾਂਦਾ ਹੈ ਅਤੇ ਸੀਵਰੇਜ ਜਾਮ ਦਾ ਕਾਰਨ ਬਣਦਾ ਹੈ, ਜਿਸ ਕਾਰਨ ਕਈ ਇਲਾਕਿਆਂ ‘ਚ ਸੀਵਰੇਜ ਜਾਮ ਹੋਣ ਕਾਰਨ ਪਾਣੀ ਲੋਕਾਂ ਦੇ ਘਰਾਂ ‘ਚ ਦਾਖਲ ਹੋ ਰਿਹਾ ਹੈ ਅਤੇ ਕਈ ਇਲਾਕਿਆਂ ‘ਚ ਲੋਕ ਇਸ ਖਿਲਾਫ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਇਹ ਪਾਣੀ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ।
ਹਰ ਪਾਸੇ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਹੋਣ ਕਾਰਨ ਹੈਜ਼ਾ ਅਤੇ ਮਲੇਰੀਆ ਵਰਗੀ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਰੱਬ ਨਾ ਕਰੇ ਜੇਕਰ ਅਜਿਹਾ ਹੋਇਆ ਤਾਂ ਇੱਕ ਪਾਸੇ ਜਨਤਾ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਦੂਜੇ ਪਾਸੇ ਵਿਰੋਧੀ ਧਿਰ ਨੂੰ ਵੀ ਮੌਜੂਦਾ ਸਰਕਾਰ ਨੂੰ ਘੇਰਨ ਲਈ ਇੱਕ ਹੋਰ ਮੁੱਦਾ ਮਿਲ ਜਾਵੇਗਾ।