ਜਲੰਧਰ, 30 ਜਨਵਰੀ, ਜਤਿਨ ਬੱਬਰ: ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਤਰਨਵੀਰ ਸਿੰਘ ਉਰਫ਼ ਤਨੂ ਪੁੱਤਰ ਤਜਿੰਦਰ ਸਿੰਘ ਵਾਸੀ ਕੋਟ ਸਿਦੀਕੀ, ਜਲੰਧਰ ਚਿਲਡਰਨ ਪਾਰਕ ਨੇੜੇ ਇਲਾਕੇ ‘ਚ ਫਾਇਰਿੰਗ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਜਾਲ ਵਿਛਾ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਪੁਲੀਸ ਨੇ ਇੱਕ 32 ਬੋਰ ਦਾ ਨਜਾਇਜ਼ ਪਿਸਤੌਲ ਸਮੇਤ ਪੰਜ ਜਿੰਦਾ ਰੌਂਦ ਅਤੇ ਇੱਕੋ ਕੈਲੀਬਰ ਦਾ ਇੱਕ ਰਾਉਂਡ ਬਰਾਮਦ ਕੀਤਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਐਫ.ਆਈ.ਆਰ. ਨੰਬਰ 04 ਮਿਤੀ 27.01.2025 ਥਾਣਾ ਡਵੀਜ਼ਨ ਨੰਬਰ 05, ਜਲੰਧਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(1)(ਬੀ), 54 ਅਤੇ 59 ਅਧੀਨ ਦਰਜ ਕੀਤਾ ਗਿਆ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪੁਲੀਸ ਪਹਿਲਾਂ ਹੀ ਤਿੰਨ ਕੇਸ ਦਰਜ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ, ਜੇਕਰ ਕੋਈ ਹਨ, ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।