ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਜਲੰਧਰ
ਜਲੰਧਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ 15 ਜੂਨ ਤੋਂ ਸ਼ੁਰੂ ਹੋਵੇਗੀ ਲਗਜ਼ਰੀ ਬੱਸ ਸੇਵਾ, ਬੱਸਾਂ ਨੂੰ ਹਰੀ ਝੰਡੀ ਦਿਖਾਉਣਗੇ ਮੁੱਖ ਮੰਤਰੀ ਭਗਵੰਤ ਮਾਨ
ਟਰਾਂਸਪੋਰਟ ਦੇ ਵਿਸ਼ੇਸ਼ ਸਕੱਤਰ ਵੱਲੋਂ ਬੱਸ ਸਟੈਂਡ ਦਾ ਦੌਰਾ, ਪ੍ਰਬੰਧਾਂ ਦਾ ਲਿਆ ਜਾਇਜ਼ਾ
ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਲਈ ਰੋਜ਼ਾਨਾ ਸੱਤ ਬੱਸਾਂ ਚੱਲਣਗੀਆਂ
ਜਲੰਧਰ ( ਜੇ ਪੀ ਬੀ ਨਿਊਜ਼ 24 ) : ਜਲੰਧਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ, ਨਵੀਂ ਦਿੱਲੀ ਤੱਕ ਲਗਜ਼ਰੀ ਬੱਸ ਸੇਵਾ ਸ਼ੁਰੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ 15 ਜੂਨ ਨੂੰ ਪੰਜਾਬ ਸਰਕਾਰ ਦੀ ਮਲਕੀਅਤ ਵਾਲੀਆਂ ਲਗਜ਼ਰੀ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜਿਸ ਲਈ ਸਥਾਨਕ ਸ਼ਹੀਦ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ਵਿਖੇ ਤਿਆਰੀਆਂ ਅਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਟੀਮ ਜਿਸ ਵਿੱਚ ਵਿਸ਼ੇਸ਼ ਸਕੱਤਰ ਟਰਾਂਸਪੋਰਟ ਪਰਦੀਪ ਕੁਮਾਰ ਸੱਭਰਵਾਲ, ਡਾਇਰੈਕਟਰ ਟਰਾਂਸਪੋਰਟ ਅਮਨਦੀਪ ਕੌਰ ਸ਼ਾਮਲ ਹਨ, ਨੇ ਅੱਜ ਬੱਸ ਸਟੈਂਡ ਦਾ ਦੌਰਾ ਕਰਕੇ 15 ਜੂਨ ਨੂੰ ਹੋਣ ਵਾਲੇ ਮੈਗਾ ਈਵੈਂਟ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਟਰਾਂਸਪੋਰਟ ਵਿਭਾਗ ਨੇ ਜਲੰਧਰ, ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਚੰਡੀਗੜ੍ਹ, ਹੁਸ਼ਿਆਰਪੁਰ, ਕਪੂਰਥਲਾ ਅਤੇ ਪਟਿਆਲਾ ਦੇ ਲੋਕਾਂ ਦੇ ਸੁਖਾਵੇਂ ਸਫ਼ਰ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਯਾਤਰੀਆਂ ਦੀ ਸਹੂਲਤ ਲਈ ਇੱਕ ਵਿਸਥਾਰਤ ਪ੍ਰੋਗਰਾਮ ਬਣਾਇਆ ਹੈ।
ਬੱਸ ਸਟੈਂਡ, ਜਿੱਥੋਂ ਮੁੱਖ ਮੰਤਰੀ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਪਰਦੀਪ ਸੱਭਰਵਾਲ ਨੇ ਕਿਹਾ ਕਿ ਲੋਕ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਵੈੱਬਸਾਈਟਾਂ ਰਾਹੀਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ, ਨਵੀਂ ਦਿੱਲੀ ਲਈ ਆਪਣੀਆਂ ਸੀਟਾਂ ਬੁੱਕ ਕਰਵਾ ਸਕਦੇ ਹਨ।
ਇਹ ਵੀ ਦੱਸਿਆ ਗਿਆ ਕਿ ਯਾਤਰੀ ਆਪਣੀ ਯਾਤਰਾ ਤੋਂ ਛੇ ਮਹੀਨੇ ਪਹਿਲਾਂ ਆਨਲਾਈਨ ਟਿਕਟਾਂ ਬੁੱਕ ਕਰ ਸਕਦੇ ਹਨ ਅਤੇ ਆਪਣੀ ਯਾਤਰਾ ਦੀ ਮਿਤੀ ਤੋਂ ਤਿੰਨ ਮਹੀਨੇ ਪਹਿਲਾਂ ਸਬੰਧਤ ਬੱਸ ਸਟੈਂਡ ਦੇ ਕਾਊਂਟਰਾਂ ਤੋਂ ਦਸਤੀ ਟਿਕਟਾਂ ਪ੍ਰਾਪਤ ਕਰ ਸਕਦੇ ਹਨ। ਯਾਤਰੀ ਹੋਰ ਪ੍ਰਾਈਵੇਟ ਟਰਾਂਸਪੋਰਟਾਂ ਦੇ ਮੁਕਾਬਲੇ ਵਾਜਬ ਖਰਚਾ ਅਦਾ ਕਰਕੇ ਆਪਣੀ ਮੰਜ਼ਿਲ ‘ਤੇ ਜਾਣਗੇ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰੋਜ਼ਾਨਾ ਸੱਤ ਵੋਲਵੋ ਬੱਸਾਂ ਸਵੇਰੇ 7:40 ਤੇ 11:00 ਵਜੇ, ਦੁਪਹਿਰ 1:15 ਤੇ 3:30 ਵਜੇ, ਸ਼ਾਮ 7:00 ਵਜੇ ਅਤੇ ਰਾਤ 8 : 30 ਤੇ 11:00 ਵਜੇ ਵੱਖ-ਵੱਖ ਸਮੇਂ ‘ਤੇ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਲਈ ਚੱਲਣਗੀਆਂ। ਸੱਭਰਵਾਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਕੀਤੇ ਜਾਣ। ਇਸ ਦੌਰਾਨ, ਵਿਸ਼ੇਸ਼ ਸਕੱਤਰ ਅਤੇ ਡਾਇਰੈਕਟਰ ਟਰਾਂਸਪੋਰਟ ਨੇ ਏਡੀਸੀ (ਜੀ) ਮੇਜਰ ਅਮਿਤ ਸਰੀਨ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਅਧਿਕਾਰੀਆਂ ਨਾਲ ਡੀਏਸੀ ਵਿਖੇ 15 ਜੂਨ ਨੂੰ ਹੋਣ ਵਾਲੇ ਸਮਾਗਮ ਦੀ ਲੜੀ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗ ਕੀਤੀ।
ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ 14 ਜੂਨ ਤੱਕ ਪ੍ਰਬੰਧ ਮੁਕੰਮਲ ਕਰਨ ਲਈ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਵੱਲੋਂ ਗੇਟ ਨੰਬਰ-5 ਨੇੜੇ ਬੱਸ ਸਟੈਂਡ ਦੇ ਅਹਾਤੇ ਵਿੱਚ ਸਾਂਝੇ ਤੌਰ ’ਤੇ ਇੱਕ ਬੂਟਾ ਵੀ ਲਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਡੀ) ਵਰਿੰਦਰਪਾਲ ਸਿੰਘ ਬਾਜਵਾ, ਡੀਸੀਪੀ ਜਗਮੋਹਨ ਸਿੰਘ, ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ, ਐਸਡੀਐਮ ਬਲਬੀਰ ਰਾਜ ਸਿੰਘ, ਜੀਐਮ ਰੋਡਵੇਜ਼ ਮਨਿੰਦਰ ਪਾਲ ਸਿੰਘ, ਜੀਐਸ ਰਾਜਪਾਲ ਅਤੇ ਹੋਰ ਹਾਜ਼ਰ ਸਨ।