JPB NEWS 24

Headlines

ਲੋਹੜੀ ਦੇ ਸ਼ੁਭ ਮੌਕੇ ਸਿਵਲ ਸਰਜਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ

ਲੋਹੜੀ ਦੇ ਸ਼ੁਭ ਮੌਕੇ ਸਿਵਲ ਸਰਜਨ ਵੱਲੋਂ ਧੀਆਂ ਦੀ ਲੋਹੜੀ ਮਨਾਈ ਗਈ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ : ਸਿਹਤ ਵਿਭਾਗ ਜਲੰਧਰ ਵੱਲੋਂ ਦਫ਼ਤਰ ਸਿਵਲ ਸਰਜਨ ਵਿਖੇ ਸ਼ੁੱਕਰਵਾਰ ਨੂੰ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਵਿੱਚ ਜਿਲ੍ਹਾ ਪੱਧਰੀ “ਆਓ ਮਨਾਈਏ ਧੀਆਂ ਦੀ ਲੋਹੜੀ” ਦੇ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਮਨ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ, ਵਿਦਯਾ ਰਤਨ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਡਾ. ਬਲਰਾਜ ਗੁਪਤਾ ਅਤੇ ਸਮੂਹ ਪ੍ਰੋਗਰਾਮ ਅਫ਼ਸਰਾਂ ਵੱਲੋਂ ਲੋਹੜੀ ਬਾਲਣ ਦੀ ਰਸਮ ਅਦਾ ਕੀਤੀ ਗਈ।

ਸਮਾਰੋਹ ਦੌਰਾਨ ਸਿਹਤ ਵਿਭਾਗ ਜਲੰਧਰ ਵੱਲੋਂ 31 ਧੀਆਂ ਨੂੰ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਐਨ.ਐਸ.ਵੀ. ਫੋਰਟਨਾਈਟ ਅਤੇ ਜਨਸੰਖਿਆ ਸਥਿਰਤਾ ਪੰਦਰਵਾੜੇ ਦੌਰਾਨ ਵਧੀਆ ਕਾਰਗੁਜਾਰੀ ਲਈ ਏ.ਐਨ.ਐਮਜ. ਅਤੇ ਆਸ਼ਾ ਵਰਕਰਜ਼ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਐਸ.ਜੀ.ਐਲ. ਨਰਸਿੰਗ ਕਾਲਜ ਸੈਮੀ ਜਲੰਧਰ ਦੀਆਂ ਵਿਦਿਆਰਥਣਾਂ ਵੱਲੋਂ ਲੋਹੜੀ ਦੇ ਗੀਤ ਗਾਉਂਦਿਆਂ ਗਿੱਧਾ ਪੇਸ਼ ਕਰਕੇ “ਧੀਆਂ ਦੀ ਲੋਹੜੀ” ਦੇ ਇਸ ਪ੍ਰੋਗਰਾਮ ‘ਚ ਰੋਣਕਾਂ ਲਗਾ ਦਿੱਤੀਆਂ।

ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਲੋਹੜੀ ਦੇ ਸ਼ੁਭ ਮੌਕੇ ‘ਤੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਨਵਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿਸ਼ੇਸ਼ ਤੌਰ ‘ਤੇ ਸਤਿਕਾਰ ਦਿੰਦੇ ਹੋਏ ਸਟੇਜ਼ ਤੇ ਵਿਰਾਜਮਾਨ ਹੋਣ ਲਈ ਕਿਹਾ ਗਿਆ ਅਤੇ ਸਮਾਜ ਨੂੰ ਧੀਆਂ ਦੀ ਲੋਹੜੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਧੀਆਂ ਦੀ ਲੋਹੜੀ ਪਾਉਣ ਦਾ ਇੱਕੋ ਮਕਸਦ ਹੈ ਕਿ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਜਾਵੇ ਕਿ ਜੇਕਰ ਮੁੰਡੇ ਘਰ ਦਾ ਦੀਪਕ ਨੇ ਤਾਂ ਕੁੜੀਆਂ ਵੀ ਘਰ ਦੀ ਰੋਣਕ ਹੁੰਦੀਆਂ ਹਨ। ਧੀਆਂ ਹਰ ਦੁੱਖ-ਸੁੱਖ ਵਿੱਚ ਮਾਪਿਆਂ ਦਾ ਸਾਥ ਦਿੰਦੀਆਂ ਹਨ। ਸਮਾਜ ਵਿੱਚ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦਾ ਵੀ ਬਰਾਬਰ ਦਾ ਯੋਗਦਾਨ ਹੈ ਅਤੇ ਦੋਵੇਂ ਮਿਲਕੇ ਇੱਕ ਵਧੀਆ ਸਮਾਜ ਦਾ ਨਿਰਮਾਣ ਕਰ ਸਕਦੇ ਹਨ।

ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਵੱਲੋਂ ਲੋਹੜੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਸਮਾਜ ਹੁਣ ਬਦਲ ਰਿਹਾ ਹੈ ਤੇ ਲੜਕੇ-ਲੜਕੀ ਦਾ ਭੇਦਭਾਵ ਬਿਲਕੁਲ ਖਤਮ ਕਰਕੇ ਦੋਵਾਂ ਨੂੰ ਅੱਗੇ ਵੱਧਣ ਦੇ ਬਰਾਬਰ ਅਵਸਰ ਦਿੱਤੇ ਜਾਣੇ ਚਾਹੀਦੇ ਹਨ ਅਤੇ ਮਾਪੀਆਂ ਨੂੰ ਵੀ ਲੜਕੀਆਂ ਪ੍ਰਤੀ ਸਕਾਰਾਤਮਕ ਸੋਚ ਰੱਖਣ ਦੀ ਲੋੜ ਹੈ। ਇਸ ਮੌਕੇ ਵਿਦਯਾ ਰਤਨ ਫਾਉਂਡੇਸ਼ਨ ਦੇ ਪ੍ਰੈਜੀਡੈਂਟ ਡਾ. ਬਲਰਾਜ ਗੁਪਤਾ ਵੱਲੋਂ ਵੀ ਲੋਹੜੀ ਦੀ ਵਧਾਈ ਦਿੱਤੀ ਗਈ। ਵਰਨਣਯੋਗ ਹੈ ਕਿ ਵਿਦਯਾ ਰਤਨ ਫਾਉਂਡੇਸ਼ਨ, 280, ਸ਼ਹੀਦ ਉੱਧਮ ਸਿੰਘ ਨਗਰ ਜਲੰਧਰ ਵੱਲੋਂ ਧੀਆਂ ਦੀ ਲੋਹੜੀ ਪ੍ਰੋਗਰਾਮ ਦੇ ਆਯੋਜਨ ਵਿੱਚ ਸਹਿਯੋਗ ਕੀਤਾ ਗਿਆ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵਲੋਂ ਪੀ.ਸੀ.ਪੀ.ਐਨ.ਡੀ.ਟੀ. ਐਕਟ ਤਹਿਤ “ਧੀਆਂ ਦੀ ਲੋਹੜੀ” ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ “ਬੇਟੀ ਬਚਾਓ ਬੇਟੀ ਪੜ੍ਹਾਓ” ਵਿਸ਼ੇ ‘ਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾ ਕਿਹਾ ਕਿ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਸਮਾਜ ਵਿੱਚ ਕੁੜੀਆਂ ਦੇ ਨਾਲ ਹੁੰਦੇ ਵਿਤਕਰੇ ਨੂੰ ਰੋਕੀਏ ਅਤੇ ਉਨ੍ਹਾਂ ਨੂੰ ਅੱਗੇ ਵਧਣ ਵਿੱਚ ਮਦਦ ਕਰੀਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੀ ਲੜਕੀ ਨੂੰ ਕੁੱਖ ਵਿੱਚ ਹੀ ਮਾਰ ਦੇਣ ਦੇ ਘਿਨੋਣੇ ਕੰਮ ਦੀ ਨਿੰਦਾ ਕਰਦਾ ਹੈ ਅਤੇ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਨਾ ਯਕੀਨੀ ਬਣਾਉਂਦਾ ਹੈ ਅਤੇ ਅਜਿਹਾ ਕੰਮ ਕਰਨ ਵਾਲੇ ਸਕੈਨਿੰਗ ਸੈਂਟਰਾਂ ਖਿਲਾਫ ਸਖ਼ਤ ਕਾਰਵਾਈ ਕਰਦਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੌਰ ਥਿੰਦ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਸਹਾਇਕ ਸਿਹਤ ਅਫ਼ਸਰ ਸਤਵਿੰਦਰ ਕੌਰ, ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਦੀ ਪ੍ਰਿੰਸਿਪਲ ਪਰਮਜੀਤ ਕੌਰ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।