ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ਼ ਲੈਣ ਲਈ ਅੱਜ ਕੱਢਣਗੇ ਕੈਂਡਲ ਮਾਰਚ
ਮਾਨਸਾ (ਜੇ ਪੀ ਬੀ ਨਿਊਜ਼ 24 ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਇਨਸਾਫ਼ ਲੈਣ ਲਈ ਮਾਨਸਾ ਵਿੱਚ ਕੈਂਡਲ ਮਾਰਚ ਕੀਤਾ ਜਾਵੇਗਾ। ਜਿਸ ਦੀ ਅਗਵਾਈ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਕਰਨਗੇ। ਮੂਸੇਵਾਲਾ ਦੇ ਪਿਤਾ ਨੇ ਸਮੂਹ ਚਾਹੁਣ ਵਾਲਿਆਂ ਨੂੰ ਕਿਹਾ ਹੈ ਕਿ ਇਹ ਕੈਂਡਲ ਮਾਰਚ ਸ਼ਾਮ 4 ਵਜੇ ਤੋਂ ਬਾਅਦ ਬਾਹਰੀ ਅਨਾਜ ਮੰਡੀ ਤੋਂ ਸ਼ੁਰੂ ਹੋਵੇਗਾ। ਇਸ ਸਥਾਨ ’ਤੇ ਸਿੱਧੂ ਮੂਸੇਵਾਲਾ ਦਾ ਭੋਗ ਸਮਾਗਮ ਹੋਇਆ ਸੀ। ਇਹ ਮਾਰਚ ਮੂਸੇਵਾਲਾ ਦੀ ‘ਲਾਸਟ ਰਾਈਡ’ ਤੱਕ ਜਾਵੇਗਾ।ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੋਂ ਮਾਪੇ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲੇ ਤਾਂ ਪੁਲਿਸ ਨੇ ਫੜ ਲਏ ਪਰ ਸਾਰੀ ਸਾਜ਼ਿਸ਼ ਰਚਣ ਵਾਲੇ ਬਾਹਰ ਹਨ। ਮੂਸੇਵਾਲਾ ਦੀ ਸੁਰੱਖਿਆ ‘ਚ ਕਟੌਤੀ ਕਰਨ ਵਾਲੇ ਅਧਿਕਾਰੀ ‘ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਉਸ ਨੇ ਗਲਤੀ ਮੰਨੀ। ਇਸ ਕਤਲੇਆਮ ਵਿੱਚ ਲਾਰੈਂਸ ਅਤੇ ਗੋਲਡੀ ਦੇ ਕਈ ਸਾਥੀ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਹ ਇਨਸਾਫ਼ ਲਈ ਸੜਕਾਂ ‘ਤੇ ਆਉਣ ਲਈ ਮਜਬੂਰ ਹਨ।