ਕਪੂਰਥਲਾ ਰੋਡ ਨੂੰ ਬਣਾਉਣ ਲਈ ਇਲਾਕਾ ਨਿਵਾਸੀਆਂ ਵੱਲੋਂ ਕੀਤਾ ਰੋਡ ਜਾਮ
ਨਗਰ ਨਿਗਮ ਅਧਿਕਾਰੀਆਂ ਦੇ ਭਰੋਸੇ ਉਪਰੰਤ ਖਤਮ ਹੋਇਆ ਧਰਨਾ
ਪਿਛਲੇ ਲੰਬੇ ਸਮੇਂ ਤੋਂ ਕਪੂਰਥਲਾ ਰੋਡ ਜੋ ਕਿ ਸਮਾਰਟ ਸਿਟੀ ਪ੍ਰਾਜੈਕਟ ਦੇ ਅਧੀਨ ਆਉਂਦਾ ਹੈ। ਜਿਸ ਦੀ ਖ਼ਸਤਾ ਹਾਲਤ ਕਾਰਨ ਇਲਾਕਾ ਨਿਵਾਸੀ ਅਤੇ ਉਥੋਂ ਲੰਘਣ ਵਾਲੇ ਰਾਹਗੀਰ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ। ਨਗਰ ਨਿਗਮ ਅਧਿਕਾਰੀਆਂ ਨੂੰ ਵਾਰ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨਿਗਮ ਅਧਿਕਾਰੀਆਂ ਵੱਲੋਂ ਇਸ ਰਸਤੇ ਨੂੰ ਨਹੀਂ ਬਣਾਇਆ ਗਿਆ। ਜਿਸ ਕਾਰਨ ਅੱਜ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਪੂਰਥਲਾ ਰੋਡ ਸਿਵਲ ਸੋਸਾਇਟੀ ਅਧੀਨ ਕਪੂਰਥਲਾ ਰੋਡ ਤੇ ਧਰਨਾ ਦਿੱਤਾ ਗਿਆ।
ਧਰਨਾ ਦੇਣ ਉਪਰੰਤ ਵੀ ਜਦੋਂ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰੀ ਮੰਗ ਪੱਤਰ ਲੈਣ ਵੀ ਨਹੀਂ ਪੁੱਜਿਆ ਤਾਂ ਇਲਾਕਾ ਨਿਵਾਸੀਆਂ ਵੱਲੋਂ ਕਪੂਰਥਲਾ ਰੋਡ ਨੂੰ ਮੁਕੰਮਲ ਤੌਰ ਤੇ ਚਾਰ ਘੰਟੇ ਲਈ ਬੰਦ ਕਰ ਦਿੱਤਾ। ਜਿਸ ਉਪਰੰਤ ਨਗਰ ਨਿਗਮ ਵੱਲੋਂ ਰਜਨੀਸ਼ ਡੋਗਰਾ ਨਿਗਰਾਨ ਇੰਜਨੀਅਰ ਅਤੇ ਐਕਸੀਅਨ ਜਸਪਾਲ ਸਿੰਘ ਆਏ। ਉਨ੍ਹਾਂ ਨਾਲ ਗੱਲਬਾਤ ਹੋਣ ਉਪਰੰਤ ਸਿਵਲ ਸੁਸਾਇਟੀ ਦੇ ਮੈਂਬਰਾਂ ਵਲੋਂ ਧਰਨਾ ਖ਼ਤਮ ਕੀਤਾ ਗਿਆ।ਇਸ ਮੌਕੇ ਸ੍ਰੀ ਪਰਮਜੀਤ ਸਿੰਘ ਬਰਾਰ ਨੇ ਦੱਸਿਆ ਕਿ ਅਧਿਕਾਰੀਆਂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਜਲਦ ਹੀ ਨਿਗਮ ਅਧਿਕਾਰੀਆਂ ਦੀ ਸਿਵਲ ਸੁਸਾਇਟੀ ਨਾਲ ਮੀਟਿੰਗ ਹੋਵੇਗੀ। ਜਿਸ ਵਿਚ ਕਪੂਰਥਲਾ ਰੋਡ ਨੂੰ ਬਣਾਉਣ ਸਬੰਧੀ ਮਿਤੀ ਬੱਧ ਫ਼ੈਸਲਾ ਹੋਵੇਗਾ।
ਸ੍ਰੀ ਸੁਖਜੀਤ ਸਿੰਘ ਨੇ ਦੱਸਿਆ ਕਿ ਜੇਕਰ ਨਿਗਮ ਅਧਿਕਾਰੀਆਂ ਵੱਲੋਂ ਨੀਯਤ ਕੀਤੀ ਮਿਤੀ ਤੱਕ ਕਪੂਰਥਲਾ ਰੋਡ ਨਹੀਂ ਬਣਾਈ ਜਾਂਦੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕੇ ਲੋਕ ਚਾਰ ਘੰਟੇ ਤੋਂ ਵੱਧ ਧੁੱਪ ਵਿੱਚ ਸੜਕ ਉੱਤੇ ਬੈਠੇ ਹੋਣ ਅਤੇ ਚਾਰ ਘੰਟੇ ਬਾਅਦ ਨਗਰ ਨਿਗਮ ਦੇ ਅਧਿਕਾਰੀ ਗੱਲਬਾਤ ਦੇ ਲਈ ਧਰਨੇ ਵਾਲੀ ਜਗ੍ਹਾ ਤੇ ਆਏ। ਇਸ ਮੌਕੇ ਤੇ ਜਤਿੰਦਰ ਸਿੰਘ ਰਾਜਪਾਲ, ਅਵਤਾਰ ਸਿੰਘ, ਸਤਨਾਮ ਸਿੰਘ ਸੈਣੀ, ਗੋਬਿੰਦ ਸਿੰਘ, ਡਾ ਸੁਰਿੰਦਰਪਾਲ ਜੌਹਲ, ਬਲਵਿੰਦਰ ਕੁਮਾਰ ਵਿਕੀ, ਰਣਬੀਰ ਸਿੰਘ, ਰਾਜਪਾਲ ਸਿੰਘ ਚੱਢਾ, ਪਵਨ ਕੁਮਾਰ, ਰਾਜ ਕੁਮਾਰ ਸੇਤੀਆ, ਪਰਮਿੰਦਰ ਸਿੰਘ, ਕੁਲਦੀਪ ਸਿੰਘ, ਰਾਜਾ ਸਿੰਘ, ਗੁਰਵਿੰਦਰ ਸਿੰਘ ਸੋਢੀ, ਰਿੰਕੂ, ਰਣਜੀਤ ਸਿੰਘ ਢਿੱਲੋਂ, ਰਾਜਿੰਦਰ ਕੁਮਾਰ ਪਟਵਾਰੀ, ਪਰਦੀਪ ਕੁਮਾਰ ਭਿੰਦਾ, ਅਸ਼ੋਕ ਕੁਮਾਰ ਮੱਕਡ਼, ਵਿਰਦੀ, ਚੰਦਰ ਕੁਮਾਰ ਆਦਿ ਮੌਜੂਦ ਸਨ