ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਜਲੰਧਰ
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਤਿਆਰੀਆਂ ਦਾ ਜਾਇਜ਼ਾ
29 ਅਗਸਤ ਨੂੰ ਖੇਡਾਂ ਦੀ ਸ਼ੁਰੂਆਤ ਮੌਕੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਦੀ ਕੀਤੀ ਸਮੀਖਿਆ
ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਗਾਜ਼
ਜਲੰਧਰ ( ਜੇ ਪੀ ਬੀ ਨਿਊਜ਼ 24 ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਾਮ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੋਂ 29 ਅਗਸਤ ਨੂੰ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੱਖ-ਵੱਖ ਖੇਡ ਅਤੇ ਸਭਿਆਚਾਰਕ ਸਰਗਰਮੀਆਂ ਦੀ ਸਮੀਖਿਆ ਕੀਤੀ। ਖੇਡਾਂ ਵਤਨ ਪੰਜਾਬ ਦੀਆਂ ਬਾਰੇ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਖੇਡਾਂ ਦੀ ਜਲੰਧਰ ਤੋਂ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਸੁਹਿਰਦ ਹੈ ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਇਕ ਅਹਿਮ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪਸੰਦੀਦਾ ਖੇਡਾਂ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਵਿੱਚ ਖੇਡਾਂ ਨੂੰ ਪੂਰਨ ਤਵੱਜੋਂ ਦੇ ਕੇ ਮਜ਼ਬੂਤ ਖੇਡ ਸਭਿਆਚਾਰ ਪੈਦਾ ਕੀਤਾ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਪੰਜਾਬੀ ਨੌਜਵਾਨ ਰਾਜ ਪੱਧਰ ਤੋਂ ਬਾਅਦ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਾਂ ਦੇ ਖੇਤਰ ਵਿੱਚ ਸੂਬੇ ਦਾ ਨਾਮ ਰੁਸ਼ਨਾਉਣਗੇ।
ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਰਵੀਂ ਸ਼ਮੂਲੀਅਤ ਦਾ ਸੱਦਾ ਦਿੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਨੌਜਵਾਨਾਂ ਦੇ ਖੇਡ ਜਜ਼ਬੇ ਸਦਕਾ ਪੰਜਾਬ ਨੂੰ ਦੁਨੀਆਂ ਦੇ ਖੇਡ ਨਕਸ਼ੇ ’ਤੇ ਮੋਹਰਲੀ ਕਤਾਰ ਵਿੱਚ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਅਤੇ ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਇਨ੍ਹਾਂ ਖੇਡਾਂ ਵਿੱਚ ਸ਼ਮੂਲੀਅਤ ਲਈ ਰਜਿਸਟਰੇਸ਼ਨ ਦੀ ਮਿਤੀ ਵਧਾ ਕੇ 30 ਅਗਸਤ ਕਰ ਦਿੱਤੀ ਗਈ ਹੈ ਜਿਸ ਲਈ ਚਾਹਵਾਨ ਨੌਜਵਾਨ ਵਿਸ਼ੇਸ਼ ਪੋਰਟਲ www.punjabkhedmela2022.in ਰਾਹੀਂ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਖੇਡ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਲੈਫ.ਜਨਰਲ (ਰਿਟਾ.) ਡਾ. ਜੇ.ਐਸ. ਚੀਮਾ ਅਤੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਸਮੇਤ ਸਟੇਡੀਅਮ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ ਨੇ ਸਭ ਤੋਂ ਪਹਿਲਾਂ ਵੱਖ-ਵੱਖ ਜਿਲਿ੍ਹਆਂ ਨਾਲ ਸਬੰਧਿਤ ਖਿਡਾਰੀਆਂ ਵਲੋਂ ਕੱਢੇ ਜਾਣ ਵਾਲੇ ਮਾਰਚ ਪਾਸਟ ਦਾ ਜਾਇਜ਼ਾ ਲਿਆ। ਇਸ ਉਪਰੰਤ ਉਨ੍ਹਾਂ ਨੇ ਮਸ਼ਾਲ ਰਿਲੇਅ ਦੀ ਸਮੀਖਿਆ ਕਰਨ ਤੋਂ ਬਾਅਦ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਜਾਣ ਵਾਲਾ ਗਤਕਾ ਅਤੇ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਦੇਖੀ। ਖੇਡ ਮੰਤਰੀ ਨੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਜਾਣ ਵਾਲੀਆਂ ਖੇਡ ਸਰਗਰਮੀਆਂ ਦੇਖਣ ਉਪਰੰਤ ਉਨ੍ਹਾਂ ਦੀ ਸ਼ਲਾਘਾ ਕੀਤੀ।
ਇਸ ਉਪਰੰਤ ਖੇਡ ਮੰਤਰੀ ਨੇ ਅਧਿਕਾਰੀਆਂ ਸਮੇਤ ਸਟੇਡੀਅਮ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
ਨੂਰਾਂ ਸਿਸਟਰਜ਼, ਰਣਜੀਤ ਬਾਵਾ ਤੇ ਅੰਮ੍ਰਿਤ ਮਾਨ ਕਰਨਗੇ ਦਰਸ਼ਕਾਂ ਦਾ ਮਨੋਰੰਜਨ : ਕੌਮੀ ਖੇਡ ਦਿਵਸ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਅਗਾਜ਼ ਮੌਕੇ ਪੰਜਾਬ ਦੇ ਨਾਮੀ ਗਾਇਕ ਨੂਰਾਂ ਸਿਸਟਰਜ਼, ਰਣਜੀਤ ਬਾਵਾ ਅਤੇ ਅੰਮ੍ਰਿਤ ਮਾਨ ਆਪਣੇ ਗੀਤਾਂ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਕਰਨਗੇ।