ਨਹਿਰ ‘ਚੋਂ ਮਿਲੀ ਬੱਚੇ ਸਹਿਜਪ੍ਰੀਤ ਦੀ ਲਾਸ਼, ਤਾਇਆ ਹੀ ਨਿਕਲਿਆ ਕਾਤਲ
ਲੁਧਿਆਣਾ: ਬੀਤੇ ਦਿਨ ਤੋਂ ਲਾਪਤਾ 8 ਸਾਲ ਦੇ ਸਹਿਜਪ੍ਰੀਤ ਦੀ ਲਾਸ਼ ਨਹਿਰ ਵਿੱਚੋਂ ਬਰਾਮਦ ਹੋਈ ਹੈ। ਉਸ ਦੇ ਰਿਸ਼ਤੇਦਾਰ ਵੱਲੋਂ ਹੀ ਇਸ ਨੂੰ ਨਹਿਰ ਵਿੱਚ ਸੁੱਟਣ ਦਾ ਖੁਲਾਸਾ ਹੋਇਆ ਹੈ। ਬੀਤੇ ਦੋ ਦਿਨ ਤੋਂ ਸਹਿਜ ਲਾਪਤਾ ਸੀ ਤੇ ਉਸ ਦਾ ਪਰਿਵਾਰ ਉਸ ਨੂੰ ਲੱਭਣ ਲਈ ਲਗਾਤਾਰ ਯਤਨ ਤੇ ਸੋਸ਼ਲ ਮੀਡੀਆ ‘ਤੇ ਵੀ ਅਪੀਲ ਕਰ ਰਿਹਾ ਸੀ।
ਪੁਲਿਸ ਵੱਲੋਂ ਸਹਿਜ ਦੇ ਰਿਸ਼ਤੇਦਾਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਆਖਰਕਾਰ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਮੰਨ ਲਿਆ ਕਿ ਉਸ ਨੇ ਹੀ ਨਹਿਰ ਵਿੱਚ ਸਹਿਜ ਦੀ ਲਾਸ਼ ਨੂੰ ਸੁੱਟਿਆ ਹੈ। ਪੁਲਿਸ ਨੇ ਗੋਤਖੋਰਾਂ ਦੀ ਮਦਦ ਨਾਲ ਸਹਿਜ ਦੀ ਲਾਸ਼ ਨੂੰ ਬਾਹਰ ਕੱਢਵਾ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਉਧਰ, ਸਹਿਜ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮਾਮਲੇ ਤੇ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰ ਸਕਦੀ ਹੈ। ਮਾਮਲੇ ਸਬੰਧੀ ਚਮਸ਼ਦੀਦਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨਹਿਰ ਨੇੜੇ ਬੱਚੇ ਨੂੰ ਲੱਭ ਰਹੀ ਸੀ ਤੇ ਸਫੈਦੇ ਕੋਲੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਮੁਲਜ਼ਮ ਨੂੰ ਵੀ ਆਪਣੇ ਨਾਲ ਲੈ ਕੇ ਆਈ ਸੀ ਤੇ ਉਸ ਦੀ ਨਿਸ਼ਾਨਦੇਹੀ ‘ਤੇ ਹੀ ਪੁਲਿਸ ਨੇ ਬੱਚੇ ਦੀ ਲਾਸ਼ ਬਰਾਮਦ ਕੀਤੀ ਹੈ। ਸਹਿਜ ਬੀਤੇ ਦੋ ਦਿਨ ਤੋਂ ਲਾਪਤਾ ਸੀ। ਉਸ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਉਸ ਦੇ ਰਿਸ਼ਤੇਦਾਰ ਤੇ ਸ਼ੱਕ ਸੀ। ਇਸ ਮਾਮਲੇ ਵਿੱਚ ਪੁਲਿਸ ਪ੍ਰੈੱਸ ਕਾਨਫਰੰਸ ਕਰਕੇ ਪੂਰੇ ਮਾਮਲੇ ਦਾ ਅੱਜ ਖੁਲਾਸਾ ਕਰ ਸਕਦੀ ਹੈ।