ਕਾਲਾ ਸੰਘਿਆਂ ਡਰੇਨ,’ਚ ਪੈ ਰਹੇ ਗੰਦੇ ਪਾਣੀ ਦੇ ਵਿਰੋਧ ਵਿਚ ਡਰੇਨ ਸੰਘਰਸ਼ ਕਮੇਟੀ ਨੇ ਜਾਮ ਕੀਤਾ ਜਲੰਧਰ-ਕਪੂਰਥਲਾ ਰੋਡ
ਜਲੰਧਰ (ਜੇ ਪੀ ਬੀ ਨਿਊਜ਼ 24 ) : ਕਾਲਾ ਸੰਘਿਆਂ ਡਰੇਨ ਦੇ ਮਸਲੇ ਨੂੰ ਲੈ ਕੇ ਡਰੇਨ ਸੰਘਰਸ਼ ਕਮੇਟੀ ਨੇ ਸਵੇਰੇ ਦਿੱਤੇ ਗਏ ਸੱਦੇ ਤਹਿਤ ਅੱਜ ਲੈਦਰ ਕੰਪਲੈਕਸ ਨੇੜੇ ਜਲੰਧਰ-ਕਪੂਰਥਲਾ ਰੋਡ ਉਪਰ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਪਿਛਲੇ ਸਮੇਂ ਤੋਂ ਕਾਲਾ ਸੰਘਿਆਂ ਡਰੇਨ ਦੇ ਆਸ-ਪਾਸ ਪਿੰਡਾਂ ਦੇ ਲੋਕ ਗੰਦੀ ਡਰੇਨ ਦੇ ਸਥਾਈ ਹੱਲ਼ ਲਈ ਸੰਘਰਸ਼ ਕਰਦੇ ਆ ਰਹੇ ਹਨ। ਜਲੰਧਰ ਕਪੂਰਥਲਾ ਮੁੱਖ ਮਾਰਗ ‘ਤੇ ਨੇੜੇ ਵਰਿਆਣਾ ਪੁਲੀ ਉਤੇ ਸੈਂਕੜੇ ਕਿਸਾਨਾਂ ਤੇ ਇਲਾਕੇ ਦੇ ਲੋਕ ਧਰਨੇ ਉਪਰ ਬੈਠੇ ਹੋਏ ਹਨ। ਰੋਡ ਜਾਮ ਹੋਣ ਕਾਰਨ ਜਲੰਧਰ ਤੋਂ ਕਪੂਰਥਲਾ ਨੂੰ ਜਾਣ ਤੇ ਆਉਣ ਵਾਲੀ ਆਵਾਜਾਈ ਠੱਪ ਹੋ ਗਈ ਹੈ। ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਪੁਲਿਸ ਅਧਿਕਾਰੀ ਧਰਨੇ ਵਿਚ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਧਰਨਾ ਚੁਕਵਾਉਣ ਲਈ ਯਤਨ ਕਰ ਰਹੇ ਹਨ।
ਇਸ ਧਰਨੇ ’ਚ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਉਘੇ ਵਾਤਾਵਰਣ ਪ੍ਰੇਮੀ ਅਤੇ ਪੰਜਾਬੀ ਸੱਥ ਦੇ ਜਨਰਲ ਸਕੱਤਰ ਡਾ. ਨਿਰਮਲ ਸਿੰਘ ਲਾਂਬੜਾ, ਕਿਸਾਨ ਆਗੂ ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ, ਹਰਨੇਕ ਸਿੰਘ ਮਹਿਮਾ, ਬਲਵੀਰ ਸਿੰਘ ਰਾਜੇਵਾਲ, ਸਿੱਖ ਚਿੰਤਕ ਪਰਮਪਾਲ ਸਿੰਘ, ਕਮਲਪ੍ਰੀਤ ਸਿੰਘ ਪੰਨੂੰ, ਬਲਜਿੰਦਰ ਸਿੰਘ, ਮਨਦੀਪ ਧਰਦਿਓ, ਬੋਘ ਸਿੰਘ ਮਾਨਸਾ, ਜਸਵਿੰਦਰ ਸਿੰਘ ਸੰਘਾ, ਰਛਪਾਲ ਸਿੰਘ ਫ਼ਜਲਾਬਾਦ, ਜਸਵੀਰ ਸਿੰਘ ਲਿੱਟਾਂ, ਬਲਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।