
ਜਲੰਧਰ, 5 ਅਪ੍ਰੈਲ, ਜਤਿਨ ਬੱਬਰ – ਯੂਨਾਈਟਿਡ ਕਿੰਗਡਮ ਵਿੱਚ ਰਹਿ ਰਹੀ ਪੰਜਾਬੀ ਪ੍ਰਵਾਸੀ ਲੇਖਿਕਾ ਰੂਬੀ ਸਿੰਘ ਦੇ ਪਹਿਲੇ ਕਾਵਿ ਸੰਗ੍ਰਹਿ “ਅਣਕਹੇ ਜਜ਼ਬਾਤ” ਦੀ ਰਿਲੀਜ਼ ਸਮਾਰੋਹ ਪੰਜਾਬ ਪ੍ਰੈਸ ਕਲੱਬ, ਜਲੰਧਰ ਵਿਖੇ ਹੋਇਆ। ਇਹ ਸਮਾਰੋਹ ਲੇਖਿਕਾ ਦੇ ਸਾਹਿਤਕ ਸਫ਼ਰ ਦਾ ਇੱਕ ਵਿਸ਼ੇਸ਼ ਮੋੜ ਬਣਿਆ ਜਿਸ ‘ਚ ਕਵਿਤਾ ਪ੍ਰੇਮੀਆਂ ਅਤੇ ਸਾਹਿਤਕਾਰਾਂ ਨੇ ਭਰਪੂਰ ਸ਼ਮੂਲੀਅਤ ਕੀਤੀ।
ਮੂਲ ਰੂਪ ਵਿੱਚ ਪੰਜਾਬ ਦੀ ਰਿਹਾਇਸ਼ੀ ਰਹੀ ਰੂਬੀ ਸਿੰਘ, ਜੋ ਅੱਜਕੱਲ੍ਹ ਲੰਡਨ ‘ਚ ਇੱਕ ਮੋਟੀਵੇਸ਼ਨਲ ਸਪੀਕਰ ਵਜੋਂ ਕੰਮ ਕਰ ਰਹੀ ਹਨ, ਆਪਣੇ ਜਜ਼ਬਾਤਾਂ ਨੂੰ ਕਵਿਤਾ ਰੂਪ ਵਿੱਚ ਕਲਮਬੰਦ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਸਦਾ ਨਿਜੀ ਡਾਇਰੀ ਵਿਚ ਲਿਖਿਆ ਅਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਮਿਲੀ ਪ੍ਰੇਰਨਾ ਕਾਰਨ ਇਹ ਕਵਿਤਾਵਾਂ ਹੁਣ ਇੱਕ ਕਿਤਾਬ ਰੂਪ ਵਿਚ ਸਾਹਮਣੇ ਆਈਆਂ ਹਨ।
ਮਿਸਟਰ ਸਿੰਘ ਪਬਲੀਕੇਸ਼ਨ, ਬਠਿੰਡਾ ਵਲੋਂ ਪ੍ਰਕਾਸ਼ਿਤ ਇਹ ਕਾਵਿ ਸੰਗ੍ਰਹਿ ਲਗਭਗ 116 ਕਵਿਤਾਵਾਂ ਦਾ ਸੁੰਦਰ ਸੰਗ੍ਰਹਿ ਹੈ, ਜਿਸ ਵਿੱਚ ਭਾਵਨਾਵਾਂ, ਸੱਭਿਆਚਾਰ ਅਤੇ ਨਿੱਜੀ ਅਨੁਭਵਾਂ ਦੀ ਝਲਕ ਵੇਖਣ ਨੂੰ ਮਿਲਦੀ ਹੈ। ਕਿਤਾਬ ਦੀ ਡਿਜਾਇਨਿੰਗ ਜਤਿੰਦਰ ਸਿੰਘ ਰਾਵਤ (ਰਾਵਤ ਆਰਟਸ) ਨੇ ਕੀਤੀ ਹੈ।
ਇਸ ਰੌਣਕਮਈ ਮੌਕੇ ‘ਤੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਸੁਖੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਜਿਨ੍ਹਾਂ ਨੇ ਕਿਤਾਬ ਵਿਚੋਂ ਇੱਕ ਕਵਿਤਾ ਆਪਣੀ ਮਿੱਠੀ ਆਵਾਜ਼ ‘ਚ ਪੜ੍ਹ ਕੇ ਸਰੋਤਿਆਂ ਦੇ ਦਿਲ ਜਿੱਤ ਲਏ। ਸਮਾਗਮ ‘ਚ ਕਮਲਜੀਤ ਕਮਲ, ਮਾਤਾ ਨਿਸ਼ਾ ਸ਼ਰਮਾ, ਬਿੱਟੂ ਖੰਗੂੜਾ, ਸਰਬਜੀਤ ਢੱਕ ਆਦਿ ਨਾਮਵਰ ਹਸਤੀਆਂ ਵੀ ਮੌਜੂਦ ਸਨ।
ਰੂਬੀ ਸਿੰਘ ਨੇ ਆਪਣੇ ਸਫਰ ‘ਚ ਮਿਲੇ ਸਹਿਯੋਗ ਲਈ ਆਪਣੇ ਪਤੀ ਜਗਤ ਸਿੰਘ, ਕਮਲ ਗਿੱਲ ਯੂਕੇ, ਅਤੇ ਹੋਰ ਸਾਥੀਆਂ ਦਾ ਖਾਸ ਧੰਨਵਾਦ ਕੀਤਾ। ਲੇਖਿਕਾ ਨੂੰ ਆਸ ਹੈ ਕਿ ਪਾਠਕਾਂ ਨੂੰ “ਅਣਕਹੇ ਜਜ਼ਬਾਤ” ਪਸੰਦ ਆਵੇਗੀ। ਇਹ ਕਿਤਾਬ ਭਾਰਤ, ਯੂਕੇ ਅਤੇ ਹੋਰ ਵਿਦੇਸ਼ੀ ਮੰਡੀਾਂ ਵਿੱਚ ਉਪਲਬਧ ਹੋਵੇਗੀ।