“ਮਨਰੇਗਾ ਵਰਕਰਜ ਯੂਨੀਅਨ ਪੰਜਾਬ ਨੇ ਜਲੰਧਰ ਵਿਖੇ ਕੀਤੀ ਸਫਲ ਸੂਬਾਈ ਕਨਵੈਨਸ਼ਨ ਤੇ ਰੋਹ ਭਰਪੂਰ ਮਾਰਚ”

ਜਲੰਧਰ (ਰਾਜਨ ਰੰਧਾਵਾ, ਗੁਰਦਾਸਪੁਰ) : ਮਨਰੇਗਾ ਵਰਕਰਜ ਯੂਨੀਅਨ ਪੰਜਾਬ’ ਵੱਲੋਂ ‘ਦੇਸ਼ ਭਗਤ ਯਾਦਗਾਰ ਜਲੰਧਰ’ ਦੇ ‘ਬਾਬਾ ਜੁਆਲਾ ਸਿੰਘ ਠੱਠੀਆਂ ਹਾਲ’ ਵਿਚ ਪਰਮਜੀਤ ਕੌਰ ਹੁਸ਼ਿਆਰਪੁਰ, ਬਲਵਿੰਦਰ ਕੌਰ ਹਾਜੀਪੁਰ, ਸਰਪੰਚ ਮੀਨਾ ਕੌਰ ਤਰਨ ਤਾਰਨ, ਰੇਖਾ ਰਾਣੀ ਨਵਾਂ ਸ਼ਹਿਰ, ਸਤਪਾਲ ਸਹੋਤਾ ਜਲੰਧਰ, ਮਨੀਸ਼ਾ ਦੇਵੀ ਪਠਾਨਕੋਟ ਦੀ ਪ੍ਰਧਾਨਗੀ ਹੇਠ ਮਾਝਾ-ਦੋਆਬਾ ਜੋਨ ਦੀ ਨੁਮਾਇੰਦਾ ਕਨਵੈਨਸ਼ਨ ਸੱਦੀ ਗਈ। ਕਨਵੈਨਸ਼ਨ ਦੀ ਸਮਾਪਤੀ ਤੋਂ ਪਿੱਛੋਂ ਕੇਂਦਰੀ ਸਰਕਾਰ ਦੀਆਂ ਮਨਰੇਗਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਅਤੇ ਪ੍ਰਾਂਤਕ ਸਰਕਾਰ ਦੀ ਮਨਰੇਗਾ ਪ੍ਰਤੀ ਮੁਜ਼ਰਮਾਨਾ ਬੇਰੁਖੀ ਖਿਲਾਫ਼ ਸ਼ਹਿਰ ‘ਚ ਰੋਹ ਭਰਪੂਰ ਮਾਰਚ ਵੀ ਕੀਤਾ ਗਿਆ।

ਦਿਹਾਤੀ ਮਜਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਤੇ ਜਮਹੂਰੀ ਕਿਸਾਨ ਸਭਾ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਜਾਮਾਰਾਏ ਨੇ ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਵਲੋਂ ਪੇਸ਼ ਕੀਤੇ ਗਏ ਲਿਖਤੀ ਪਹੁੰਚ ਪੱਤਰ ਦੀ ਰੋਸ਼ਨੀ ‘ਚ ਵਿਚਾਰ ਰੱਖੇ। ਉਨ੍ਹਾਂ ਤੋਂ ਇਲਾਵਾ ਮੰਗਲ ਸਿੰਘ ਟਾਂਡਾ, ਚਰਨਜੀਤ ਸਿੰਘ ਥੰਮੂਵਾਲ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਹਰਪਾਲ ਸਿੰਘ ਨਵਾਂ ਸ਼ਹਿਰ, ਬਲਬੀਰ ਸਿੰਘ ਬਘੋਰਾ, ਅਨੀਤਾ ਹਾਜੀਪੁਰ, ਵੀਨਾ ਦੇਵੀ ਹਾਜੀਪੁਰ, ਪਰਮਿੰਦਰ ਸਿੰਘ ਪੱਸੀ ਕਰੋੜਾ, ਰਾਮ ਜੀ ਦਾਸ, ਛਿੰਦੋ ਰਾਣੀ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਕ ਦੇ ਫਰਜ ਧਰਮਿੰਦਰ ਸਿੰਘ ਮੁਕੇਰੀਆਂ ਨੇ ਅਦਾ ਕੀਤੇ। ਹਾਜ਼ਰ ਪ੍ਰਤੀਨਿਧਾਂ ਨੇ ਜੋਸ਼ੀਲੇ ਨਾਅਰਿਆਂ ਦੀ ਗੂੰਜ ਦਰਮਿਆਨ ਪਹੁੰਚ ਪੱਤਰ ਵਿਚਲੀ ਸੇਧ ਅਤੇ ਸੁਝਾਏ ਗਏ ਭਵਿੱਖੀ ਕਾਰਜਾਂ ਨੂੰ ਦੋਵੇਂ ਹੱਥ ਖੜ੍ਹੇ ਕਰਕੇ ਸਰਵ ਸੰਮਤੀ ਨਾਲ ਪ੍ਰਵਾਨ ਕੀਤਾ।

ਬੁਲਾਰਿਆਂ ਨੇ ਦੋਸ਼ ਲਾਇਆ ਹੈ ਕਿ 20 ਸਾਲ ਬੀਤ ਜਾਣ ਪਿਛੋਂ ਵੀ ਹਕੂਮਤਾਂ ਤੇ ਪ੍ਰਸ਼ਾਸਨਿਕ ਮਸ਼ੀਨਰੀ ਮਗਨਰੇਗਾ ਕਾਨੂੰਨ ਨੂੰ ਸਹੀ ਭਾਵਨਾ ਨਾਲ ਲਾਗੂ ਨਹੀਂ ਕਰ ਰਹੇ। ਕਿਸੇ ਵੀ ਰਜਿਸਟਰਡ ਕਿਰਤੀ ਨੂੰ ਸਾਲ ‘ਚ 100 ਦਿਨ ਦਾ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਿਹਨਤਾਨਾ ਤੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਸਰਕਾਰਾਂ ਤੇ ਭ੍ਰਿਸ਼ਟ ਨੌਕਰਸ਼ਾਹ, ਕਾਰਪੋਰੇਟ ਲੋਟੂਆਂ ਦੀ ਸਾਜ਼ਿਸ਼ ਅਧੀਨ ਮਨਰੇਗਾ ਨੂੰ ਬੱਦੂ ਕਰਕੇ ਫੇਲ੍ਹ ਕਰਨ ਲੱਗੇ ਹੋਏ ਹਨ। ਇਸੇ ਸਾਜ਼ਿਸ਼ ਤਹਿਤ ਕੇਂਦਰ ਵਿਚਲੀ ਮੋਦੀ ਦੀ ਅਗਵਾਈ ਵਾਲੀ ਸਿਰੇ ਦੀ ਦਲਿਤ-ਮਜ਼ਦੂਰ ਤੇ ਔਰਤ ਵਿਰੋਧੀ ਭਾਜਪਾ ਸਰਕਾਰ ਹਰ ਸਾਲਾਨਾ ਬਜਟ ਵਿਚ ਮਨਰੇਗਾ ਫੰਡਾਂ ‘ਚ ਕਟੌਤੀ ਕਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ, ਮਨਰੇਗਾ ਕਾਮਿਆਂ ਨੂੰ ਧਰਮ, ਜਾਤ, ਰੰਗ, ਬੋਲੀ, ਲਿੰਗਕ ਅਧਾਰ ‘ਤੇ ਵੰਡਣ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣਾ ਹੋਵੇਗਾ। ਉਨ੍ਹਾਂ ਮਨਰੇਗਾ ਦੀ ਰਾਖੀ ਲਈ ਮਜ਼ਬੂਤ ਸੰਗਠਨ ਖੜ੍ਹਾ ਕਰਨ ਅਤੇ ਤਿੱਖੇ, ਬੱਝਵੇਂ, ਆਜ਼ਾਦਾਨਾ ਤੇ ਸਾਂਝੇ ਘੋਲ ਵਿੱਢਣ ਦਾ ਸੱਦਾ ਦਿਤਾ।
ਇਸ ਮੌਕੇ ਸਰਵ ਸੰਮਤੀ ਨਾਲ ਪ੍ਰਵਾਨ ਕੀਤੇ ਇਕ ਮਤੇ ਰਾਹੀਂ ਕੇਂਦਰੀ ਟਰੇਡ ਯੂਨੀਅਨਾਂ ਤੇ ਆਜ਼ਾਦ ਫੈਡਰੇਸ਼ਨਾਂ ਵਲੋਂ 9 ਜੁਲਾਈ ਦੀ ਕੌਮੀ ਹੜਤਾਲ ਵਿਚ ਵਧ-ਚੜ੍ਹ ਕੇ ਸ਼ਾਮਲ ਹੋਣ ਦਾ ਨਿਰਣਾ ਲਿਆ ਗਿਆ ਹੈ।
ਹਰ ਪਿੰਡ ‘ਚ ਯੂਨੀਅਨ ਦੀ ਈਕਾਈ ਕਾਇਮ ਕਰਕੇ ਇਲਾਕਾ, ਤਹਿਸੀਲ, ਜਿਲ੍ਹਾ ਪੱਧਰ ਦੀਆਂ ਚੋਣਾਂ ਕਰਵਾਉਣ ਪਿਛੋਂ ਮੈਂਬਰਸ਼ਿਪ ਦੇ ਆਧਾਰ ‘ਤੇ ਸੂਬਾਈ ਅਜਲਾਸ ਸੱਦਣ ਦਾ ਵੀ ਫੈਸਲਾ ਕੀਤਾ ਗਿਆ ਹੈ।