ਪੰਜਾਬ ਪ੍ਰੈੱਸ ਕਲੱਬ ਵੱਲੋਂ ਦਿੱਲੀ ‘ਚ ਵਿਦਿਆਰਥੀਆਂ ‘ਤੇ ਲਾਠੀਚਾਰਜ ਦੀ ਨਿੰਦਾ
ਜਲੰਧਰ 21 ਜੁਲਾਈ – ਨਵੀਂ ਦਿੱਲੀ ਵਿਚ ਜੰਤਰ ਮੰਤਰ ਵਿਖੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਦੇਸ਼ ਭਰ ਦੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕਰਨ ਅਤੇ ਬੇਤਹਾਸ਼ਾ ਤਸ਼ੱਦਦ ਕਰਨ ਦੀ ਪੰਜਾਬ ਪ੍ਰੈੱਸ ਕਲੱਬ ਸਖਤ ਨਿੰਦਾ ਕਰਦੀ ਹੈ। ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਵਿਚ ਗਵਰਨਿੰਗ ਕੌਂਸਲ ਮੈਂਬਰਾਂ ਪੁਨੀਤ ਸਹਿਗਲ, ਰਾਜੇਸ਼ ਥਾਪਾ, ਤੇਜਿੰਦਰ ਕੌਰ ਥਿੰਦ, ਪਰਮਜੀਤ ਸਿੰਘ ਰੰਗਪੁਰੀ, ਮਨਦੀਪ ਸ਼ਰਮਾ, ਸ਼ਿਵ ਸ਼ਰਮਾ, ਰਾਜੇਸ਼ ਯੋਗੀ, ਸੁਕਰਾਂਤ ਸਫਰੀ ਨੇ ਜਾਰੀ ਇਕ ਸਾਂਝੇ ਪ੍ਰੈੱਸ ਨੋਟ ਵਿਚ ਕਿਹਾ ਕਿ ਲੋਕਤੰਤਰ ਵਿਚ ਸ਼ਾਂਤਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਉਣੇ ਅਤੇ ਰੋਸ ਪ੍ਰਦਰਸ਼ਨ ਕਰਨਾ ਸਭਾ ਦਾ ਹੱਕ ਹੈ ਪ੍ਰੰਤੂ ਹੁਣ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਦਾ ਇਹ ਜਮਹੂਰੀ ਹੱਕ ਵੀ ਖੋਹਿਆ ਜਾ ਰਿਹਾ ਹੈ। ਸੱਤਾਧਾਰੀ ਪਾਰਟੀਆਂ ਨੇ ਆਪਣੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਦਬਾਉਣ ਦੇ ਨਾਲ-ਨਾਲ ਗੈਰ ਸਿਆਸੀ ਤੇ ਆਮ ਲੋਕਾਂ ਨੂੰ ਵੀ ਤਾਨਾਸ਼ਾਹੀ ਢੰਗ ਵਰਤਦਿਆਂ ਤਾਕਤ ਨਾਲ ਉਨ੍ਹਾਂ ਦੇ ਬੁਨਿਆਦੀ ਹੱਕਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਹਮੇਸ਼ਾ ਲੋਕਤੰਤਰ ਵਿਚ ਵਿਚਾਰਾਂ ਦੇ ਪ੍ਰਗਟਾਵੇ ਦਾ ਸਮਰਥਨ ਕਰਦਾ ਰਿਹਾ ਹੈ ਅਤੇ ਗੈਰ-ਲੋਕਤੰਤਰਿਕ ਕਾਰਵਾਈਆਂ ਦੀ ਸਖਤ ਨਿੰਦਾ ਕਰਦਾ ਹੈ।